🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...

ਪਟਿਆਲਾ ਵਿੱਚ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ: ਈਡੀ ਵੱਲੋਂ 4 ਮੁਲਜ਼ਮ ਗ੍ਰਿਫ਼ਤਾਰ


 ਪਟਿਆਲਾ, 5 ਨਵੰਬਰ 2026, ਪੰਜਾਬ ਲਾਈਵ ਅੱਪਡੇਟ:



ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਟਿਆਲਾ ਤੋਂ ਚੱਲ ਰਹੇ ਇੱਕ ਵੱਡੇ ਅੰਤਰਰਾਸ਼ਟਰੀ ਫਰਜ਼ੀ ਕਾਲ ਸੈਂਟਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਪਟਿਆਲਾ, ਚੰਡੀਗੜ੍ਹ, ਮੁਹਾਲੀ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਤੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਅਮਰੀਕੀ ਨਾਗਰਿਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ। ਈਡੀ ਅਨੁਸਾਰ ਇਸ ਪੂਰੇ ਘਪਲੇ ਵਿੱਚ ਅਪਰਾਧ ਦੀ ਕੁੱਲ ਕਮਾਈ ਲਗਭਗ 261 ਕਰੋੜ ਰੁਪਏ ਦੱਸੀ ਗਈ ਹੈ।



ਪਟਿਆਲਾ ਦੇ ਦੋ ਟਿਕਾਣਿਆਂ ਤੋਂ ਹੋਈਆਂ ਗ੍ਰਿਫ਼ਤਾਰੀਆਂ: ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਸ਼ਿਲ ਨਯਨਭਾਈ ਰਾਵਲ, ਜਸਵੰਤ ਸਿੰਘ, ਚੇਤਨ ਮੁੰਜਾਲ ਅਤੇ ਪ੍ਰਣਵ ਪਿਠਾੜੀਆ ਵਜੋਂ ਹੋਈ ਹੈ। ਜਾਂਚ ਏਜੰਸੀ ਨੇ ਪਟਿਆਲਾ ਦੇ ਦੋ ਵੱਖ-ਵੱਖ ਟਿਕਾਣਿਆਂ ਤੋਂ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਸਥਾਨਕ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਲਈ ਹੈਦਰਾਬਾਦ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪਹਿਲਾਂ ਹੈਦਰਾਬਾਦ ਦੇ ਮਾਧਾਪੁਰ ਇਲਾਕੇ ਵਿੱਚ ਸਰਗਰਮ ਸੀ, ਪਰ ਪੁਲਿਸ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੇ ਆਪਣਾ ਅੱਡਾ ਪਟਿਆਲਾ ਤਬਦੀਲ ਕਰ ਲਿਆ ਸੀ।



ਬਜ਼ੁਰਗ ਅਮਰੀਕੀਆਂ ਨੂੰ ਬਣਾਇਆ ਜਾਂਦਾ ਸੀ ਸ਼ਿਕਾਰ: ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਨਾਵਾਂ, ਪਤਿਆਂ ਅਤੇ ਉਮਰ ਦੇ ਵੇਰਵਿਆਂ ਸਮੇਤ ਕਰੀਬ 20 ਲੱਖ ਅਮਰੀਕੀ ਟੈਲੀਫ਼ੋਨ ਨੰਬਰ ਖਰੀਦੇ ਹੋਏ ਸਨ। ਇਸ ਗਿਰੋਹ ਦਾ ਮੁੱਖ ਨਿਸ਼ਾਨਾ ਬਜ਼ੁਰਗ ਨਾਗਰਿਕ ਹੁੰਦੇ ਸਨ। ਇਹ ਡਾਟਾ ਜਰਮਨੀ ਅਤੇ ਫਿਨਲੈਂਡ ਦੇ ਸਰਵਰਾਂ ਤੇ ਹੋਸਟ ਕੀਤੇ ਆਟੋ-ਡਾਇਲਰਾਂ ਰਾਹੀਂ ਵਰਤਿਆ ਜਾਂਦਾ ਸੀ। ਹੁਣ ਤੱਕ ਜਾਂਚ ਟੀਮ ਨੇ 549 ਪੀੜਤਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ 1940 ਦੇ ਦਹਾਕੇ ਵਿੱਚ ਪੈਦਾ ਹੋਏ ਸੀਨੀਅਰ ਸਿਟੀਜ਼ਨ ਹਨ।



261 ਕਰੋੜ ਦੀ ਕਮਾਈ ਨਾਲ ਰੀਅਲ ਅਸਟੇਟ ਵਿੱਚ ਨਿਵੇਸ਼: ਈਡੀ ਅਧਿਕਾਰੀਆਂ ਅਨੁਸਾਰ ਗਿਰੋਹ ਵੱਲੋਂ ਠੱਗੀ ਮਾਰ ਕੇ ਕਮਾਏ ਗਏ 261 ਕਰੋੜ ਰੁਪਏ ਨੂੰ ਰੀਅਲ ਅਸਟੇਟ, ਸੋਨੇ, ਲਗਜ਼ਰੀ ਵਾਹਨਾਂ ਅਤੇ ਵੱਖ-ਵੱਖ ਕਾਰੋਬਾਰਾਂ ਵਿੱਚ ਲਗਾਇਆ ਗਿਆ ਸੀ। ਇਸ ਕਮਾਈ ਦਾ ਇੱਕ ਵੱਡਾ ਹਿੱਸਾ ਚੰਡੀਗੜ੍ਹ ਦੇ ਆਲੇ-ਦੁਆਲੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਈਡੀ ਨੇ 79 ਡਿਜੀਟਲ ਉਪਕਰਨ, ਕਾਲ ਸੈਂਟਰ ਚੈਟਾਂ, ਲੇਜ਼ਰ, ਕ੍ਰਿਪਟੋਕਰੰਸੀ ਵਾਲਿਟ ਅਤੇ ਜਾਅਲੀ ਸਰਕਾਰੀ ਸ਼ਨਾਖਤੀ ਕਾਰਡ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ ਪਹਿਲਾਂ ਵੀ ਤਿੰਨ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਹੁਣ ਕੁੱਲ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ ਸੱਤ ਹੋ ਗਈ ਹੈ।

Post a Comment

0 Comments

🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...