🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...

ਕੈਨੇਡਾ ਵਿੱਚ ਪੀਆਰ ਨਾ ਮਿਲਣ ਤੇ ਕਰਜ਼ੇ ਦੇ ਬੋਝ ਕਾਰਨ ਪੰਜਾਬੀ ਨੌਜਵਾਨਾਂ ਵੱਲੋਂ ਖੁਦਕੁਸ਼ੀਆਂ: 4 ਦਿਨਾਂ ਵਿੱਚ ਦੋ ਘਟਨਾਵਾਂ ਨੇ ਝੰਜੋੜਿਆ

 ਬਰੈਂਪਟਨ/ਵੈਨਕੂਵਰ, 5 ਨਵੰਬਰ 2026, ਪੰਜਾਬ ਲਾਈਵ ਅੱਪਡੇਟ:



ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵੱਡੇ ਸੁਫ਼ਨੇ ਲੈ ਕੇ ਕੈਨੇਡਾ ਪਹੁੰਚ ਰਹੇ ਪੰਜਾਬੀ ਨੌਜਵਾਨਾਂ ਲਈ ਉੱਥੋਂ ਦੇ ਹਾਲਾਤ ਬੇਹੱਦ ਚਿੰਤਾਜਨਕ ਬਣਦੇ ਜਾ ਰਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀਆਂ ਲਗਾਤਾਰ ਸਖ਼ਤ ਹੋ ਰਹੀਆਂ ਨੀਤੀਆਂ, ਪੱਕੇ ਹੋਣ (ਪੀਆਰ) ਦੇ ਰਸਤੇ ਬੰਦ ਹੋਣ ਅਤੇ ਸਿਰ ਤੇ ਚੜ੍ਹੇ ਭਾਰੀ ਕਰਜ਼ਿਆਂ ਕਾਰਨ ਕਈ ਨੌਜਵਾਨ ਮਾਨਸਿਕ ਤਣਾਅ ਵਿੱਚ ਆ ਕੇ ਖੁਦਕੁਸ਼ੀਆਂ ਵਰਗੇ ਖ਼ੌਫ਼ਨਾਕ ਰਾਹ ਪੈਣ ਲਈ ਮਜਬੂਰ ਹੋ ਰਹੇ ਹਨ। ਨਵੰਬਰ ਮਹੀਨੇ ਦੇ ਪਹਿਲੇ ਚਾਰ ਦਿਨਾਂ ਅੰਦਰ ਹੀ ਅਜਿਹੀਆਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਕੈਨੇਡਾ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ।



ਸਿਮਰਜੀਤ ਸਿੰਘ ਵੱਲੋਂ ਰੇਲ ਹੇਠ ਆ ਕੇ ਖੁਦਕੁਸ਼ੀ: ਪਹਿਲੀ ਦਰਦਨਾਕ ਘਟਨਾ ਬਰੈਂਪਟਨ ਤੋਂ ਸਾਹਮਣੇ ਆਈ ਹੈ ਜਿੱਥੇ 24 ਸਾਲਾਂ ਦੇ ਪੰਜਾਬੀ ਨੌਜਵਾਨ ਸਿਮਰਜੀਤ ਸਿੰਘ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਪੱਕੇ ਹੋਣ ਲਈ ਲਗਾਤਾਰ ਹੱਥ-ਪੈਰ ਮਾਰ ਰਿਹਾ ਸੀ। ਉਸ ਨੇ ਇੱਕ ਟਰੱਕ ਕੰਪਨੀ ਤੋਂ ਕਥਿਤ ਐਲਐਮਆਈਏ (LMIA) ਹਾਸਲ ਕਰਨ ਲਈ 60 ਤੋਂ 70 ਹਜ਼ਾਰ ਡਾਲਰ ਦਾ ਭਾਰੀ ਭੁਗਤਾਨ ਕੀਤਾ ਸੀ। ਪਰ ਉਸ ਦੀ ਫਾਈਲ ਪ੍ਰੋਸੈਸ ਹੋਣ ਤੋਂ ਪਹਿਲਾਂ ਹੀ ਕੰਪਨੀ ਮਾਲਕ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੱਤਾ ਅਤੇ ਸਿਮਰਜੀਤ ਦੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਰ ਪਾਸਿਓਂ ਨਿਰਾਸ਼ ਹੋਣ ਮਗਰੋਂ ਸਿਮਰਜੀਤ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।



ਸਰੀ ਵਿੱਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ: ਦੂਜੀ ਘਟਨਾ ਸਰੀ ਦੇ ਉੱਤਰੀ ਖੇਤਰ ਵਿੱਚ ਵਾਪਰੀ ਜਿੱਥੇ ਇੱਕ ਹੋਰ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅਜੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਜਾਣਕਾਰਾਂ ਅਨੁਸਾਰ ਉਹ ਵੀ ਭਾਰੀ ਕਰਜ਼ੇ ਅਤੇ ਕੈਨੇਡਾ ਵਿੱਚ ਭਵਿੱਖ ਅਸਪਸ਼ਟ ਹੋਣ ਕਰਕੇ ਡੂੰਘੀ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਸੀ।



ਦੋ ਤੋਂ ਢਾਈ ਲੱਖ ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਰਹਿਣ ਲਈ ਮਜਬੂਰ: ਮਾਹਿਰਾਂ ਦੇ ਅੰਦਾਜ਼ੇ ਮੁਤਾਬਕ ਇਸ ਵੇਲੇ ਕਰੀਬ ਦੋ ਤੋਂ ਢਾਈ ਲੱਖ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਨਵਿਆਏ ਨਹੀਂ ਜਾ ਸਕੇ ਜਾਂ ਜਿਨ੍ਹਾਂ ਦੇ ਸ਼ਰਨਾਰਥੀ (ਰਫਿਊਜੀ) ਦਾਅਵੇ ਰੱਦ ਹੋ ਚੁੱਕੇ ਹਨ। ਏਜੰਟਾਂ ਵੱਲੋਂ ਮੋਟੀਆਂ ਰਕਮਾਂ ਲੈ ਕੇ ਝੂਠੇ ਸਬਜ਼ਬਾਗ ਦਿਖਾਏ ਗਏ ਅਤੇ ਹੁਣ ਨਿਯਮ ਸਖ਼ਤ ਹੋਣ ਕਾਰਨ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਲਟਕ ਗਿਆ ਹੈ। ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਵੱਲੋਂ ਲਾਏ ਗਏ ਧਰਨਿਆਂ ਦਾ ਵੀ ਸਰਕਾਰ ਤੇ ਕੋਈ ਅਸਰ ਨਾ ਹੋਣ ਕਾਰਨ ਨਿਰਾਸ਼ਾ ਹੋਰ ਗਹਿਰੀ ਹੋ ਗਈ ਹੈ।

Post a Comment

0 Comments

🔴 BREAKING NEWS
ਤਾਜ਼ਾ ਖ਼ਬਰਾਂ ਲੋਡ ਹੋ ਰਹੀਆਂ ਹਨ...